ਮੈਂ ਜਾਣਾ ਵਾਹਗੇ ਪਾਰ ਨੀ ਮਾਂ — میں جانا واہگے پار نی ماں

ਮੈਂ ਜਾਣਾ ਵਾਹਗੇ ਪਾਰ ਨੀ ਮਾਂ
ਮੈਂ ਤੱਕਣਾ ਉਹ ਸੰਸਾਰ ਨੀ ਮਾਂ

ਦਾਦੀ ਦਾ ਤ੍ਰਿੰਞਣ ਸਿਜਦਾ ਸੀ
ਦਾਦੇ ਦਾ ਤੁਰਲਾ ਫਬਦਾ ਸੀ
ਚਾਚੇ ਨੇ ਹੱਟੀ ਪਾਈ ਸੀ
ਦੇਖਾਂ ਉਹਦਾ ਕਾਰੋਬਾਰ ਨੀ ਮਾਂ

ਮੈਂ ਜਾਣਾ ਵਾਹਗੇ ਪਾਰ ਨੀ ਮਾਂ
ਮੈਂ ਤੱਕਣਾ ਉਹ ਸੰਸਾਰ ਨੀ ਮਾਂ

ਮਾਂ ਜਾਏਆਂ ਦੀ ਰੂਹ ਓਥੇ ਏ
ਨਾਨੇ ਦਾ ਖੂਹ ਵੀ ਓਥੇ ਏ
ਜਿਥੇ ਨਾਨੀ ਬਾਤ ਸੁਣਾਂਦੀ ਸੀ
ਮੈਂ ਤੱਕਣਾ ਉਹ ਘਰ ਬਾਰ ਨੀ ਮਾਂ

ਮੈਂ ਜਾਣਾ ਵਾਹਗੇ ਪਾਰ ਨੀ ਮਾਂ
ਮੈਂ ਤੱਕਣਾ ਉਹ ਸੰਸਾਰ ਨੀ ਮਾਂ

ਇਮਰਾਨ ਵੀ ਓਥੇ ਰਹਿੰਦਾ ਏ
ਮਾਂ ਵਰਗੀ ਆਂ ਉਹ ਕਿਹੰਦਾ ਏ
ਮੈਨੂੰ ਜਿਗਰ ਦਾ ਟੋਟਾ ਲੱਗੇ ਨੀ
ਜਾਵਾਂ ਉਸ ਤੋਂ ਮੈਂ ਬਲਿਹਾਰ ਨੀ ਮਾਂ

ਮੈਂ ਜਾਣਾ ਵਾਹਗੇ ਪਾਰ ਨੀ ਮਾਂ
ਮੈਂ ਤੱਕਣਾ ਉਹ ਸੰਸਾਰ ਨੀ ਮਾਂ

ਸਭ ਆਖਣ ਕਿਉਂ ਇਹ ਵੰਡ ਪਈ
ਕਿਉਂ ਸਾਡੇ ਦਿਲਾਂ ਵਿਚ ਗੰਢ ਪਈ
ਬੰਦੇ ਓਥੇ ਵੀ ਚੰਗੇ ਨੇ
ਇਹ ਕਿਹੰਦਾ ਅ ਏ ਸ਼ਾਹਕਾਰ ਨੀ ਮਾਂ

ਮੈਂ ਜਾਣਾ ਵਾਹਗਿਉਂ ਪਾਰ ਨੀ ਮਾਂ
ਮੈਂ ਤੱਕਣਾ ਉਹ ਸੰਸਾਰ ਨੀ ਮਾਂ

———
ਨਿੱਕੀ ਕਾਲੜਾ

میں جانا واہگے پار نی ماں
میں تکنا اوہ سنسار نی ماں

دادی دا ترنجن سجدا سی
دادے داتْرلا پھبدا سی
چاچے نے ہٹی پائی سی
دیکھاں اوہدا کاروبار نی ماں

میں جانا واہگے پار نی ماں
میں تکنا اوہ سنسار نی ماں

ماں جائیاں دی روح اوتھے اے
نانے دا کھوہ وی اوتھے اے
جتھے نانی بات سناندی سی
میں تکنا اوہ گھر بار نی ماں

میں جانا واہگے پار نی ماں
میں تکنا اوہ سنسار نی ماں

عمران وی اوتھے رہندا اے
ماں ورگی آں اوہ کیہندا اے
مینوں جگر دا ٹوٹا لگے نی
جاواں اوس توں میں بلہار نی ماں

میں جانا واہگے پار نی ماں
میں تکنا اوہ سنسار نی ماں

سبھ آکھن کیوں ایہہ ونڈ پئی
کیوں ساڈے دلاں وچ گنڈھ پئی
بندے اوتھے وی چنگے نے
ایہہ کیہندا ا ے شاہکار نی ماں

میں جانا واہگیوں پار نی ماں
میں تکنا اوہ سنسار نی ماں

———
نکی کالڑا

Courtesy: Sanjha Punjab